ਪਾਰਕ ਵਿਚ ਰੋਜ਼ ਸ਼ਾਮ ਬਾਬਿਆਂ ਦੀ ਢਾਣੀ ਵਿਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ~ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ” ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ..!
ਕੋਈ ਪੁੱਛਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ ਮਿਲਦੀਆਂ ਨੇ”?
ਕੋਈ ਆਖਦਾ “ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ”
ਕੋਈ ਸਵਾਲ ਕਰਦਾ ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕੀ ਏ..?
ਉਹ ਅੱਗੋਂ ਹੱਸ ਛੱਡਿਆ ਕਰਦਾ..!
ਉਸ ਦਿਨ ਵੀ ਅਜੇ ਮਹਿਫ਼ਿਲ ਜੰਮਣੀ ਸ਼ੁਰੂ ਹੀ ਹੋਈ ਸੀ ਕੇ ਹਰ ਪਾਸੇ ਸੰਨਾਟਾ ਜਿਹਾ ਛਾ ਗਿਆ..
ਮਹਿਫ਼ਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਬ ਓਲ੍ਡ ਏਜ ਹੋਮ ਵਿਚ ਭਰਤੀ ਹੋਣ ਜਾ ਰਹੇ ਸਨ..!
ਕਨੇਡੀਅਨ ਮੁੰਡੇ ਦਾ ਆਖਣਾ ਸੀ ਕੇ ਭਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ..!
ਫੇਰ ਕੁਝ ਘੜੀਆਂ ਦੀ ਸੁੰਨ-ਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਬ ਨੂੰ ਕਲਾਵੇ ਵਿਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ..ਆਜੋ ਦੋਸਤੋ ਅੱਜ ਤੁਹਾਨੂੰ ਆਪਣੀ “ਤੀਜੀ ਰੋਟੀ” ਦਾ ਰਾਜ ਦੱਸਦਾ ਹਾਂ..
“ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ ਵਿਚ ਬਿਠਾ ਕੇ ਖਵਾਇਆ ਕਰਦੀ ਏ..ਉਸ ਨਾਲ ਢਿਡ੍ਹ ਤਾਂ ਭਰ ਜਾਂਦਾ ਪਰ ਜੀ ਕਰਦਾ ਕੇ ਅਜੇ ਹੋਰ ਖਾਈ ਜਾਈਏ..”
“ਦੂਜੀ ਉਹ ਜਿਹੜੀ ਨਾਲਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ..ਜਿਸ ਵਿੱਚ ਅੰਤਾਂ ਦਾ ਪਿਆਰ ਅਤੇ ਆਪਣਾ ਪਣ ਭਰਿਆ ਹੁੰਦਾ ਏ ਤੇ ਜਿਸ ਵਿਚੋਂ ਨਿੱਕਲੇ ਮੁੱਹਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ..”
“ਤੀਜੀ ਉਹ ਜਿਹੜੀ ਨੂੰਹ ਦੇ ਰੂਪ ਵਿਚ ਘਰੇ ਲਿਆਂਧੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ..ਜਿਸ ਵਿਚ ਸਵਾਦ ਵੀ ਹੁੰਦਾ..ਤਸੱਲੀ ਅਤੇ ਸਿਦਕ ਵੀ ਝਲਕਦਾ ਏ ਤੇ ਜਿਹੜੀ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾਂ ਹੀ ਸ਼ਰਸ਼ਾਰ ਕਰ ਦਿਆ ਕਰਦੀ ਏ..”
ਤੇ ਚੋਥੀ ਉਹ ਹੁੰਦੀ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਹਲੀ ਕਾਹਲੀ ਗੁੰਨੇ ਹੋਏ ਕੱਚੇ-ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਏ..ਜਿਸ ਵਿਚ ਨਾ ਤੇ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ..ਇਹ ਐਸੀ ਰੋਟੀ ਹੁੰਦੀ ਏ ਜਿਸਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਹੀ ਚੇਤੇ ਆਉਂਦੀ ਏ”
ਏਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ “ਤੀਜੀ ਰੋਟੀ” ਦੀ ਅਰਦਾਸ ਵਿਚ ਜੁੜ ਗਏ..!