ਇੱਕ ਵਾਰ ਕੋਈ ਪ੍ਰੇਮੀ ਸੱਜਣ ਭਾਈ ਵੀਰ ਸਿੰਘ ਜੀ ਕੋਲ ਆਇਆ ਤੇ ਭਾਈ ਸਾਹਿਬ ਜੀ ਨੇ ਉਸ ਆਏ ਸੱਜਣ ਕੋਲੋਂ ਪੁਛਿਆ ਕਿ “ਬਾਣੀ ਪੜ੍ਹਦੇ ਹੋ ?” ਉਸ ਨੇ ਕਿਹਾ “ਜੀ ਕਦੀ ਕਦੀ ਪੜ੍ਹਦਾ ਹਾਂ, ਸ਼ੁਰੂ ਕਰਦਾ ਹਾਂ, ਕੁਝ ਦਿਨ ਪੜ੍ਹਦਾਂ ਹਾਂ, ਫਿਰ ਜੀਅ ਉਚਾਟ ਹੋ ਜਾਂਦਾ ਹੈ,
ਆਲਸ ਆ ਜਾਦਾ ਹੈ ਤਾ ਛੱਡ ਦਿੰਦਾ ਹਾਂ।
ਭਾਈ ਵੀਰ ਸਿੰਘ ਜੀ ਨੇ ਫੁਰਮਾਇਆ “ਜੇ ਕਪੜਾ ਮੈਲਾ ਹੋ ਜਾਂਦਾ ਹੈ ਤਾਂ ਉਸ ਨੂੰ ਧੋਣ ਲਈ ਸਾਬਣ ਲਾਈਦਾ ਹੈ। ਜਦੋਂ ਸਾਬਣ ਕੱਪੜੇ ਵਿੱਚ ਹੁੰਦਾ ਹੈ ਤਾਂ ਕੱਪੜਾ ਪਹਿਲੀ ਹਾਲਤ ਨਾਲੋਂ ਵੀ ਮੈਲਾ ਦਿਸਦਾ ਹੈ। ਜੇ ਕੋਈ ਆਪ ਜੈਸਾ ਆਦਮੀ ਹੋਵੇ ਤਾਂ ਅੱਗੇ ਨਾਲੋਂ ਵੀ ਮੈਲਾ ਕੱਪੜਾ ਦੇਖ ਕੇ ਘਬਰਾ ਜਾਵੇ ਤੇ ਕੱਪੜੇ ਨੂੰ ਹੀ ਚੁਕ ਕੇ ਬਾਹਰ ਸੁੱਟ ਦੇਵੇ। ਤਦੋਂ ਦੇਖੋ ਕੱਪੜਾ ਵੀ ਗਿਆ ਤੇ ਉਸ ਉਪਰ ਲਾਇਆ ਸਾਬਣ ਵੀ, ਨਾਲੇ ਮਿਹਨਤ ਅਜਾਈਂ ਗਈ। ਜੇ ਕੋਈ ਮੱਤ ਦੇਵੇ ਕਿ ਭਾਈ ਕੱਪੜਾ ਸੁੱਟੋ ਨਹੀਂ, ਹੋਰ ਕੋਸ਼ਿਸ਼ ਕਰੋ, ਕੱਪੜੇ ਨੂੰ ਮੁੱਕੀਆਂ ਮਾਰ ਮਾਰ ਕੇ ਕੁੱਟੋ, ਸਾਫ਼ ਪਾਣੀ ਪਾ ਕੇ ਸਾਬਣ ਵਾਲਾ ਮੈਲਾ ਪਾਣੀ ਬਾਹਰ ਕੱਢ ਦਿਉ, ਕਪੜਾ ਸਾਫ਼ ਹੋ ਕੇ ਖੁੰਬ ਵਾਂਗੂੰ ਚਿੱਟਾ ਹੋ ਜਾਏਗਾ। ਇਸੇ ਤਰ੍ਹਾਂ ਤੁਸੀਂ ਜਦੋਂ ਬਾਣੀ ਦੇ ਪਾਸੇ ਲੱਗਦੇ ਹੋ, ਮਨ ਤੋਂ ਪਾਪ ਕਰਮਾਂ ਦੀ ਮੈ਼ ਉਤਰਨੀ ਸ਼ੁਰੂ ਹੁੰਦੀ ਹੈ। ਆਪ ਨੂੰ ਚਿੱਤ ਜਿਆਦਾ ਮੈਲਾ ਜਾਪਦਾ ਹੈ, ਤੁਸੀ ਬਜਾਏ ਉਦਮ ਕਰਕੇ ਲੱਗੇ ਰਹਿਣ ਦੇ, ਬਾਣੀ ਪੜ੍ਹਨੀ ਹੀ ਛੋਡ ਦਿੰਦੇ ਹੋ, ਅਥਵਾ ਸਾਡੇ ਮਾੜੇ ਕਰਮ ਜਿੰਨ੍ਹਾਂ ਨੇ ਅੰਦਰ ਡੇਰਾ ਲਾਇਆ ਹੋਇਆ ਹੈ ਉਹ ਪੇਸ਼ ਨਹੀ ਚੱਲਣ ਦਿੰਦੇ। ਜਦੋਂ ਤੁਸੀ ਬਾਣੀ ਦੇ ਪਾਸੇ ਲੱਗਦੇ ਹੋ, ਉਹ ਮਾੜੇ ਕਰਮ ਸਮਝਦੇ ਹਨ ਕਿ ਇਹ ਹੁਣ ਸਾਣੇ ਰਾਜ਼ ਵਿੱਚੋਂ ਨਿਕਲ ਚੱਲਿਆ ਹੈ। ਸੋ ਉਹ ਜ਼ੋਰ ਪਾਉਂਦੇ ਹਨ ਕਿ ਇਸ ਨੂੰ ਆਪਣੇ ਅਧੀਨ ਰੱਖੀਏ। ਤੁਸੀਂ ਘਾਬਰ ਕੇ ਬਾਣੀ ਛੱਡ ਦਿੰਦੇ ਹੋ, ਸੋ ਭਾਈ ਚੈਤੰਨ ਹੋ ਕੇ ਤੇ ਉੱਦਮ ਕਰਕੇ ਬਾਣੀ ਵਾਲੇ ਪਾਸੇ ਲੱਗੇ ਰਹੋ, ਛੱਡੋ ਨਹੀਂ। ਜਦੋਂ ਬਾਣੀ ਦਾ ਸਦਕਾ ਮਨ ਧੋਤਾ ਜਾਏਗਾ ਫਿਰ ਬਾਣੀ ਪਿਆਰੀ ਲੱਗੇਗੀ ਤੇ ਸੁਆਦ ਆਵੇਗਾ।
