ਵਫ਼ਾਦਾਰ ਕੌਣ ?

ਗੋਪਾਲ ਕਿਸ਼ਨ ਜੀ ਇਕ ਰਿਟਾਇਰ ਅਧਿਆਪਕ ਹਨ, ਸਵੇਰੇ 10 ਵਜੇ ਬਿਲਕੁਲ ਠੀਕ ਠਾਕ ਲੱਗ ਰਹੇ ਸਨ, ਸ਼ਾਮ ਹੁੰਦੇ-ਹੁੰਦੇ ਤੇਜ ਬੁਖਾਰ ਦੇ ਨਾਲ ਨਾਲ ਉਹ ਸਾਰੇ ਲੱਛਣ ਦਿਖਾਈ ਦੇਣ ਲੱਗ ਪਏ ਜੋ ਇਕ ਕਰੋਨਾ ਪਾਜੀਟਿਵ ਮਰੀਜ ਵਿਚ ਦਿਖਾਈ ਦਿੰਦੇ ਹਨ!

ਪਰਿਵਾਰ ਵਾਲਿਆਂ ਦੇ ਚਿਹਰੇ ਤੇ ਖ਼ੌਫ਼ ਸਾਫ ਸਾਫ ਦਿਖਾਈ ਦੇ ਰਿਹਾ ਸੀ, ਉਹਨਾਂ ਦਾ ਮੰਜਾ ਘਰ ਦੇ ਬਾਹਰ ਵਾਲੇ ਕਮਰੇ ਵਿਚ ਰੱਖ ਦਿੱਤਾ ਗਿਆ, ਜਿਸ ਵਿਚ ਇਕ ਪਾਲਤੂ ਕੁੱਤੇ “ਮਾਰਸ਼ਲ” ਨੂੰ ਰੱਖਿਆ ਗਿਆ ਸੀ। ਗੋਪਾਲ ਕਿਸ਼ਨ ਜੀ ਕੁਝ ਸਾਲ ਪਹਿਲਾਂ ਇਕ ਜਖਮੀ ਕਤੂਰੇ ਨੂੰ ਸੜਕ ਤੋਂ ਚੱਕ ਲਿਆਏ ਸਨ, ਜਿਸਨੂੰ ਪਾਲ ਕੇ ਉਸ ਦਾ ਨਾਮ “ਮਾਰਸ਼ਲ” ਰੱਖ ਦਿੱਤਾ ਸੀ!

ਇਸ ਕਮਰੇ ਵਿਚ ਹੁਣ ਗੋਪਾਲ ਕਿਸ਼ਨ ਜੀ, ਇਕ ਮੰਜਾ ਤੇ ਉਨ੍ਹਾਂ ਦਾ ਪਿਆਰਾ ਕੁੱਤਾ ਮਾਰਸ਼ਲ ਹੈ ਦੋਵਾਂ ਨੂੰਹਾਂ ਪੁੱਤਾਂ ਨੇ ਗੋਪਾਲ ਜੀ ਤੋਂ ਦੂਰੀ ਬਣਾ ਲਈ ਤੇ ਆਪਣੇ ਬੱਚਿਆਂ ਨੂੰ ਵੀ ਗੋਪਾਲ ਕਿਸ਼ਨ ਜੀ ਕੋਲ ਨਾਂ ਜਾਣ ਦੇ ਨਿਰਦੇਸ਼ ਦੇ ਦਿੱਤੇ ਹਨ।

ਸਰਕਾਰ ਵਲੋਂ ਜਾਰੀ ਕੀਤੇ ਗਏ ਨੰਬਰ ਤੇ ਫੋਨ ਕਰਕੇ ਸੂਚਨਾ ਦੇ ਦਿੱਤੀ ਗਈ, ਖਬਰ ਪੂਰੇ ਮੁਹੱਲੇ ਵਿਚ ਫੈਲ ਚੁੱਕੀ ਸੀ ਪਰ ਮਿਲਣ ਕੋਈ ਨਹੀਂ ਆਇਆ,ਮੂੰਹ ਤੇ ਚੁੰਨੀ ਲਪੇਟੀ ਇਕ ਗੁਆਂਢ ਦੀ ਔਰਤ ਆਈ ਤੇ ਗੋਪਾਲ ਕਿਸ਼ਨ ਜੀ ਦੀ ਘਰਵਾਲੀ ਨੂੰ ਕਿਹਾ,” ਕੋਈ ਇਹਨਾਂ ਨੂੰ ਦੂਰੋਂ ਰੋਟੀ ਹੀ ਫੜਾ ਦਿਓ, ਉਹ ਹਸਪਤਾਲ ਵਾਲੇ ਇਹਨੂੰ ਭੁੱਖੇ ਨੂੰ ਹੀ ਲੈ ਜਾਣਗੇ ਚੱਕ ਕੇ “।

ਹੁਣ ਸਵਾਲ ਇਹ ਸੀ ਕਿ ਉਹਨਾਂ ਨੂੰ ਖਾਣਾ ਕੌਣ ਫੜਾਵੇ , ਨੂੰਹਾਂ ਨੇ ਖਾਣਾ ਗੋਪਾਲ ਜੀ ਦੀ ਘਰਵਾਲੀ ਨੂੰ ਫੜਾ ਦਿੱਤਾ, ਖਾਣਾ ਫੜਦੇ ਹੀ ਗੋਪਾਲ ਜੀ ਦੀ ਘਰਵਾਲੀ ਦੇ ਹੱਥ ਪੈਰ ਕੰਬਣ ਲੱਗ ਪਏ, ਮੰਨੋ ਪੈਰ ਜਿਵੇਂ ਕਿਸੇ ਨੇ ਖੁੰਡ ਨਾਲ ਬੰਨ੍ਹ ਦਿੱਤੇ ਗਏ ਹੋਣ।

ਐਨਾ ਦੇਖ ਕੇ ਗੁਆਂਢ ਤੋਂ ਆਈ ਬਜੁਰਗ ਔਰਤ ਬੋਲੀ,” ਤੇਰੇ ਹੀ ਘਰਵਾਲਾ ਆ, ਮੂੰਹ ਬੰਨ੍ਹ ਕੇ ਚਲੀ ਜਾਹ, ਦੂਰੋਂ ਹੀ ਖਾਣੇ ਦੀ ਪਲੇਟ ਸਰਕਾ ਦੇਵੀਂ, ਉਹ ਆਪਣੇ ਆਪ ਉਠ ਕੇ ਖਾ ਲਊਗਾ”। ਸਾਰੀ ਗੱਲਬਾਤ ਗੋਪਾਲ ਕਿਸ਼ਨ ਜੀ ਸੁਣ ਰਹੇ ਸਨ, ਉਹਨਾਂ ਦੀਆਂ ਅੱਖਾਂ ਭਰ ਆਈਆਂ ਸਨ, ਤੇ ਕੰਬਦੇ ਹੋਏ ਬੁੱਲਾਂ ਨਾਲ ਉਹਨਾਂ ਕਿਹਾ ਕਿ,” ਮੇਰੇ ਕੋਲ ਕੋਈ ਨਾ ਆਵੇ, ਮੈਨੂੰ ਭੁੱਖ ਵੀ ਨਹੀਂ ਹੈ”।

ਇਸੇ ਦੌਰਾਨ ਐਂਬੂਲੈਂਸ ਆ ਜਾਂਦੀ ਹੈ,ਤੇ ਗੋਪਾਲ ਕਿਸ਼ਨ ਜੀ ਨੂੰ ਐਂਬੂਲੈਂਸ ਵਿਚ ਬੈਠਣ ਲਈ ਕਿਹਾ ਜਾਂਦਾ ਹੈਂ, ਗੋਪਾਲ ਕਿਸ਼ਨ ਜੀ ਘਰ ਦੇ ਦਰਵਾਜ਼ੇ ਤੇ ਆ ਕੇ ਇਕ ਵਾਰੀ ਪਲਟ ਕੇ ਆਪਣੇ ਘਰ ਵੱਲ ਨੂੰ ਦੇਖਦੇ ਹਨ, ਪੋਤੀਆਂ ਪੋਤੇ ਫਸਟ ਫਲੋਰ ਦੀ ਖਿੜਕੀ ਵਿਚ ਮਾਸਕ ਲਗਾ ਕੇ ਖੜ੍ਹੇ ਹਨ ਤੇ ਆਪਣੇ ਦਾਦੇ ਨੂੰ ਵੇਖ ਰਹੇ ਹਨ ਉਹਨਾਂ ਬੱਚਿਆਂ ਦੇ ਪਿੱਛੇ ਹੀ ਚੁੰਨੀਆਂ ਨਾਲ ਸਿਰ ਢਕੀ ਗੋਪਾਲ ਕਿਸ਼ਨ ਜੀ ਦੀਆਂ ਨੂੰਹਾਂ ਵੀ ਦਿਖਾਈ ਦਿੰਦੀਆਂ ਹਨ, ਗਰਾਊਂਡ ਫਲੋਰ ਤੇ ਦੋਵੇਂ ਪੁੱਤ ਆਪਣੀ ਮਾਂ ਨਾਲ ਕਾਫ਼ੀ ਦੂਰ ਖੜੇ ਦਿਸਦੇ ਹਨ।

ਵਿਚਾਰਾਂ ਦਾ ਤੂਫਾਨ ਗੋਪਾਲ ਕਿਸ਼ਨ ਦੀ ਦੇ ਅੰਦਰ ਉਛਾਲੇ ਮਾਰ ਰਿਹਾ ਹੈ, ਉਹਨਾਂ ਦੀ ਪੋਤੀ ਨੇ ਉਹਨਾਂ ਵੱਲ ਦੇਖਦੇ ਹੋਏ ਹੱਥ ਹਿਲਾਉਂਦੀ ਨੇ Bye ਕਿਹਾ, ਇਕ ਪੱਲ ਤਾਂ ਉਨ੍ਹਾਂ ਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਦੀ ਜਿੰਦਗੀ ਨੇ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ ਹੋਵੇ”।

ਗੋਪਾਲ ਕਿਸ਼ਨ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵੱਗ ਤੁਰੇ, ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ, ਤੇ ਐਂਬੂਲੈਂਸ ਵਿਚ ਬੈਠ ਗਏ। ਉਹਨਾਂ ਦੀ ਘਰਵਾਲੀ ਨੇ ਜਲਦੀ-ਜਲਦੀ ਪਾਣੀ ਦੀ ਬਾਲਟੀ ਭਰ ਕੇ ਉਸ ਡਿਓੜੀ ਤੇ ਮਾਰੀ, ਜਿਸਨੂੰ ਗੋਪਾਲ ਜੀ ਨੇ ਚੁੰਮ ਕੇ ਐਂਬੂਲੈਂਸ ਵਿਚ ਬੈਠੇ ਸਨ।

ਇਸਨੂੰ ਤਿਰਸਕਾਰ ਕਹੋ ਜਾਂ ਮਜਬੂਰੀ, ਲੇਕਿਨ ਇਹ ਦ੍ਰਿਸ਼ ਦੇਖ ਕੇ ਕੁੱਤਾ ਵੀ ਰੋ ਪਿਆ, ਤੇ ਉਹ ਉਸੇ ਐਂਬੂਲੈਂਸ ਦੇ ਪਿੱਛੇ ਦੌੜਨ ਲੱਗ ਪਿਆ, ਜਿਸ ਵਿਚ ਗੋਪਾਲ ਕਿਸ਼ਨ ਜੀ ਹਸਪਤਾਲ ਜਾ ਰਹੇ ਸਨ।

ਗੋਪਾਲ ਕਿਸ਼ਨ ਜੀ 14 ਦਿਨ ਹਸਪਤਾਲ ਦੇ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ, ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਸਨ, ਉਹਨਾਂ ਨੂੰ ਉਸੇ ਵੇਲੇ ਸਿਹਤਮੰਦ ਐਲਾਨ ਕੇ ਛੁੱਟੀ ਦੇ ਦਿੱਤੀ ਗਈ, ਜਦੋਂ ਉਹ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਤੇ ਬੈਠਾ ਆਪਣਾ ਕੁੱਤਾ “ਮਾਰਸ਼ਲ” ਦਿਖਾਈ ਦਿੱਤਾ, ਦੋਵੇਂ ਇਕ-ਦੂਜੇ ਨੂੰ ਚਿੰਬੜ ਗਏ ਹੰਝੂ ਸਾਰੇ ਬੰਨ੍ਹ ਤੋੜ ਕੇ ਵਗਣ ਲੱਗੇ।

ਜਦ ਤੱਕ ਉਨ੍ਹਾਂ ਦੇ ਦੋਵੇਂ ਮੁੰਡਿਆਂ ਦੀ ਲੰਬੀ ਗੱਡੀ ਉਨ੍ਹਾਂ ਨੂੰ ਲੈਣ ਪੁੱਜਦੀ, ਉਦੋਂ ਤੱਕ ਉਹ ਆਪਣੇ ਮਾਰਸ਼ਲ ਨੂੰ ਲੈ ਕੇ ਦੂਜੀ ਦਿਸ਼ਾ ਵਿਚ ਨਿਕਲ ਚੁੱਕੇ ਸਨ, ਉਸ ਤੋਂ ਬਾਅਦ ਉਹ ਕਦੀ ਦਿਖਾਈ ਨਹੀ ਦਿੱਤੇ, ਅੱਜ ਉਹਨਾਂ ਦੀ ਗੁਮਸ਼ੁਦਗੀ ਦੀ ਫੋਟੋ ਅਖਵਾਰ ਵਿਚ ਛਪੀ ਹੈ ਜਿਸ ਲਿਖਿਆ ਹੋਇਆ ਹੈ ਪਤਾ ਦੱਸਣ ਵਾਲੇ ਨੂੰ 40,000 ਇਨਾਮ ਦਿੱਤਾ ਜਾਵੇਗਾ।

ਪਤਾ ਨਹੀਂ ਮਿਲਣਗੇ ਜਾਂ ਨਹੀਂ……..

Leave a Reply

This site uses Akismet to reduce spam. Learn how your comment data is processed.