ਧੀਰਜ

ਇੱਕ ਰਾਜੇ ਨੇ ਬਹੁਤ ਹੀ ਸੁੰਦਰ ਮਹਿਲ ਬਣਵਾਇਆ ਅਤੇ ਮਹਿਲ ਦੇ ਮੁੱਖ ਦੁਆਰ ਤੇ ਇੱਕ ਗਣਿਤ ਦਾ ਸੂਤਰ ਲਿਖਵਾਇਆ ਅਤੇ ਇੱਕ ਘੋਸ਼ਣਾ ਕੀਤੀ ਕਿ ਇਸ ਸੂਤਰ ਨਾਲ ਇਹ ਦੁਆਰ ਖੁੱਲ ਜਾਵੇਗਾ ਅਤੇ ਜੋ ਵੀ ਇਸ ਸੂਤਰ ਨੂੰ 10 ਦਿਨ ਵਿਚ ਹੱਲ ਕਰਕੇ ਦੁਆਰ ਖੋਲੇਗਾ ਉਸ ਨੂੰ ਰਾਜਾ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰ ਦੇਵੇਗਾ | ਰਾਜ ਦੇ ਵੱਡੇ ਵੱਡੇ ਗਣਿਤ ਸ਼ਾਸ਼ਤਰੀ ਆਏ ਅਤੇ ਸੂਤਰ ਦੇਖਕੇ ਮੁੜ ਗਏ | ਕਿਸੇ ਨੂੰ ਕੁਝ ਸਮਝ ਨਹੀਂ ਆਇਆ | ਆਖ਼ਿਰੀ ਦਿਨ ਆ ਚੁਕਿਆ ਸੀ ਉਸ ਦਿਨ ਤਿੰਨ ਲੋਕ ਆਏ ਅਤੇ ਕਹਿਣ ਲੱਗੇ ਕਿ ਅਸੀਂ ਇਸ ਸੂਤਰ ਨੂੰ ਹੱਲ ਕਰ ਦਿਆਂਗੇ | ਉਸ ਵਿੱਚੋਂ ਦੋ ਤਾਂ ਦੂਜੇ ਰਾਜ ਦੇ ਵੱਡੇ ਗਣਿਤ ਸ਼ਾਸ਼ਤਰੀ ਸਨ ਜੋ ਆਪਣੇ ਨਾਲ ਬਹੁਤ ਸਾਰੇ ਪੁਰਾਣੇ ਗਣਿਤ ਦੇ ਸੂਤਰਾਂ ਦੀਆਂ ਪੁਸਤਕਾਂ ਵੀ ਲੈਕੇ ਆਏ ਸਨ ਪਰ ਇੱਕ ਵਿਅਕਤੀ ਜੋ ਕਿਸੇ ਸਾਧਕ ਦੀ ਤਰਾਂ ਨਜ਼ਰ ਆ ਰਿਹਾ ਸੀ ਸਿੱਧਾ ਸਾਧਾ ਜਿਹਾ ਕੁਝ ਵੀ ਨਾਲ ਨਹੀਂ ਲੈਕੇ ਆਇਆ ਸੀ | ਉਸ ਨੇ ਕਿਹਾ ਕਿ ਮੈਂ ਇਥੇ ਹੀ ਸਮਾਧੀ ਵਿੱਚ ਬੈਠਾ ਹਾਂ ਪਹਿਲਾਂ ਇਹਨਾਂ ਨੂੰ ਮੌਕਾ ਦਿੱਤਾ ਜਾਵੇ | ਦੋਨੋਂ ਡੂੰਘਾਈ ਨਾਲ ਸੂਤਰ ਹੱਲ ਕਰਨ ਵਿੱਚ ਲੱਗ ਗਏ ਪਰ ਦੁਆਰ ਨਹੀਂ ਖੋਲ ਪਾਏ ਅਤੇ ਆਪਣੀ ਹਾਰ ਮੰਨ ਲਈ | ਅੰਤ ਵਿੱਚ ਉਸ ਸਾਧਕ ਨੂੰ ਬੁਲਾਇਆ ਗਿਆ ਅਤੇ ਕਿਹਾ ਕਿ ਤੁਹਾਡਾ ਸੂਤਰ ਹੱਲ ਕਰਨ ਦਾ ਸਮਾਂ ਸ਼ੁਰੂ ਹੋ ਚੁਕਿਆ ਹੈ | ਸਾਧਕ ਨੇ ਅੱਖ ਖੋਲੀ ਅਤੇ ਸਹਿਜ ਮੁਸਕਾਨ ਦੇ ਨਾਲ ਦੁਆਰ ਦੇ ਵੱਲ ਗਿਆ | ਸਾਧਕ ਨੇ ਹੌਲੀ ਜਿਹੇ ਦੁਆਰ ਨੂੰ ਧੱਕਿਆ ਅਤੇ ਇਹ ਕੀ ? ਦੁਆਰ ਖੁੱਲ ਗਿਆ , ਰਾਜਾ ਨੇ ਸਾਧਕ ਨੂੰ ਪੁੱਛਿਆ , ” ਤੁਸੀਂ ਅਜਿਹਾ ਕੀ ਕੀਤਾ ? ਸਾਧਕ ਨੇ ਦੱਸਿਆ ਜਦੋਂ ਉਹ ਧਿਆਨ ਵਿੱਚ ਬੈਠਿਆ ਤਾਂ ਸਭ ਤੋਂ ਪਹਿਲਾਂ ਅੰਤਰਮਨ ਤੋਂ ਅਵਾਜ ਆਈ ਕਿ ਪਹਿਲਾਂ ਇਹ ਜਾਂਚ ਤਾਂ ਕਰ ਲਉ ਕਿ ਸੂਤਰ ਹੈ ਵੀ ਜਾਂ ਨਹੀਂ ? ਇਸ ਦੇ ਬਾਅਦ ਇਸ ਨੂੰ ਹੱਲ ਕਰਨ ਦੀ ਸੋਚਣਾ ਅਤੇ ਮੈਂ ਉਹ ਹੀ ਕੀਤਾ | ਕਈ ਵਾਰ ਜਿੰਦਗੀ ਵਿਚ ਕੋਈ ਸਮੱਸਿਆ ਹੁੰਦੀ ਹੀ ਨਹੀਂ ਅਤੇ ਅਸੀਂ ਵਿਚਾਰਾਂ ਵਿੱਚ ਹੀ ਉਸ ਨੂੰ ਵੱਡਾ ਬਣਾ ਲੈਂਦੇ ਹਾਂ , ਇਸ ਲਈ ਕਿਸੇ ਵੀ ਤਰਾਂ ਦੀ ਸਮੱਸਿਆ ਆਉਣ ਤੇ ਜੇ ਦੋ ਘੜੀ ਧੀਰਜ ਨਾਲ ਸੋਚਿਆ ਵਿਚਾਰਿਆ ਜਾਵੇ ਤਾਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਨਿੱਕਲ ਆਉਂਦਾ ਹੈ |

Leave a Reply

This site uses Akismet to reduce spam. Learn how your comment data is processed.