ਅਮੀਰ ਅਤੇ ਗ਼ਰੀਬ ਦੀ ਪਤਨੀ

ਅਫ਼ਰੀਕੀ ਲੋਕ ਕਹਾਣੀ

ਅਫ਼ਰੀਕਾ ਦੇ ਇੱਕ ਸ਼ਹਿਰ ਵਿੱਚ ਇੱਕ ਬਹੁਤ ਗ਼ਰੀਬ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ਸੀ ਅਨਾਨਸੀ। ਉਸ ਦੇ ਘਰ ਕੋਲ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ, ਜਿਸ ਦਾ ਨਾਂ ‘ਕੁਝ ਨਹੀਂ’ ਸੀ


ਇੱਕ ਦਿਨ ਅਨਾਨਸੀ ਅਤੇ ਕੁਝ ਨਹੀਂ ਨੇ ਤੈਅ ਕੀਤਾ ਕਿ ਉਹ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਆਪਣੇ ਲਈ ਪਤਨੀਆਂ ਚੁਣ ਕੇ ਲਿਆਉਣਗੇ।
ਕੁਝ ਨਹੀਂ ਪੈਸੇ ਵਾਲਾ ਆਦਮੀ ਸੀ। ਇਸ ਲਈ ਉਸ ਨੇ ਯਾਤਰਾ ’ਤੇ ਜਾਣ ਤੋਂ ਪਹਿਲਾਂ ਮਲਮਲ ਦਾ ਸ਼ਾਨਦਾਰ ਕੁੜਤਾ ਪਹਿਨਿਆ। ਗ਼ਰੀਬ ਅਨਾਨਸੀ ਕੋਲ ਪਹਿਨਣ ਲਈ ਸਿਰਫ਼ ਇੱਕ ਪਾਟਿਆ ਹੋਇਆ ਕੁੜਤਾ ਸੀ।
ਤੁਰਦੇ-ਤੁਰਦੇ ਰਾਹ ਵਿੱਚ ਅਨਾਨਸੀ ਨੇ ਕੁਝ ਨਹੀਂ ਤੋਂ ਠੰਢ ਲੱਗਣ ਦਾ ਬਹਾਨਾ ਕਰਦਿਆਂ ਉਸ ਦਾ ਕੁੜਤਾ ਮੰਗਿਆ ਅਤੇ ਕਿਹਾ ਕਿ ਉਹ ਸ਼ਹਿਰ ਪੁੱਜਣ ਤੋਂ ਪਹਿਲਾਂ ਉਸ ਨੂੰ ਵਾਪਸ ਕਰ ਦੇਵੇਗਾ। ਇਸ ਤਰ੍ਹਾਂ ਦੋਵਾਂ ਨੇ ਇੱਕ-ਦੂਜੇ ਨਾਲ ਕੁੜਤੇ ਬਦਲ ਲਏ ਪਰ ਸ਼ਹਿਰ ਪੁੱਜਣ ਮਗਰੋਂ ਵੀ ਅਨਾਨਸੀ ਨੇ ਕੁਝ ਨਹੀਂ ਨੂੰ ਉਸ ਦਾ ਕੁੜਤਾ ਵਾਪਸ ਨਾ ਦਿੱਤਾ। ਅਨਾਨਸੀ ਨਾਲ ਦੋਸਤੀ ਨਾਤੇ ਕੁਝ ਨਹੀਂ ਨੇ ਆਪਣਾ ਹਕੁੜਤਾ ਮੰਗਣਾ ਹੀ ਬੰਦ ਕਰ ਦਿੱਤਾ ਅਤੇ ਉਸ ਨੇ ਅਨਾਨਸੀ ਦਾ ਪਾਟਿਆ ਹੋਇਆ ਕੁੜਤਾ ਹੀ ਪਹਿਨੀ ਰੱਖਿਆ।
ਅਨਾਨਸੀ ਨੇ ਮਲਮਲ ਦਾ ਸ਼ਾਨਦਾਰ ਕੁੜਤਾ ਪਾਇਆ ਹੋਇਆ ਸੀ। ਇਸ ਲਈ ਉਸ ਨੂੰ ਪਤਨੀ ਲੱਭਣ ਵਿੱਚ ਕੋਈ ਦਿੱਕਤ ਪੇਸ਼ ਨਾ ਆਈ। ਦੂਜੇ ਪਾਸੇ ਕੁਝ ਨਹੀਂ ਵੱਲ ਕਿਸੇ ਨੇ ਵੀ ਝਾਤ ਨਹੀਂ ਮਾਰੀ ਅਤੇ ਉਸ ਦੀ ਬੜੀ ਬੇਇੱਜ਼ਤੀ ਕੀਤੀ।
ਇੱਕ ਬੁੱਢੀ ਔਰਤ ਨੂੰ ਕੁਝ ਨਹੀਂ ’ਤੇ ਰਹਿਮ ਆ ਗਿਆ। ਉਸ ਨੇ ਆਪਣੀ ਧੀ ਨੂੰ ਉਸ ਦੇ ਲੜ ਲਾ ਦਿੱਤਾ। ਅਨਾਨਸੀ ਦੀ ਪਤਨੀ ਨੇ ਕੁਝ ਨਹੀਂ ਦੀ ਪਤਨੀ ਦਾ ਬਹੁਤ ਮਜ਼ਾਕ ਉਡਾਇਆ ਕਿਉਂਕਿ ਉਸ ਨੂੰ ਕੁਝ ਨਹੀਂ ਬਹੁਤ ਗ਼ਰੀਬ ਲੱਗ ਰਿਹਾ ਸੀ। ਕੁਝ ਨਹੀਂ ਦੀ ਪਤਨੀ ਨੇ ਉਸ ਦੀਆਂ ਗੱਲਾਂ ਵੱਲ ਉੱਕਾ ਧਿਆਨ ਨਾ ਦਿੱਤਾ।
ਜਦ ਉਹ ਦੋਵੇਂ ਆਪਣੀਆਂ ਪਤਨੀਆਂ ਸਮੇਤ ਆਪਣੇ ਸ਼ਹਿਰ ਪੁੱਜੇ ਤਾਂ ਦੋਵਾਂ ਦੀਆਂ ਪਤਨੀਆਂ ਨੂੰ ਬੜੀ ਹੈਰਾਨੀ ਹੋਈ। ਅਨਾਨਸੀ ਦੇ ਘਰ ਨੂੰ ਜਾਣ ਵਾਲਾ ਰਾਹ ਤਾਂ ਉੱਚਾ-ਨੀਵਾਂ ਸੀ ਅਤੇ ਕੁਝ ਨਹੀਂ ਦੇ ਮਹੱਲ ਵਰਗੇ ਘਰ ਨੂੰ ਜਾਣ ਵਾਲਾ ਰਾਹ ਪੱਕਾ ਸੀ। ਕੁਝ ਨਹੀਂ ਦੇ ਨੌਕਰਾਂ ਨੇ ਰਾਹ ਵਿੱਚ ਫੁੱਲ ਤੇ ਕਾਲੀਨ ਵਿਛਾਏ ਹੋਏ ਸਨ। ਉਸ ਦੇ ਨੌਕਰ ਖ਼ੁਦ ਆਪਣੀਆਂ ਪਤਨੀਆਂ ਨਾਲ ਚੰਗੇ ਕੱਪੜੇ ਪਾ ਕੇ ਸਵਾਗਤ ਲਈ ਖੜ੍ਹੇ ਸਨ। ਅਨਾਨਸੀ ਲਈ ਕੋਈ ਇੰਤਜ਼ਾਰ ਨਹੀਂ ਕਰ ਰਿਹਾ ਸੀ।
ਕੁਝ ਨਹੀਂ ਦੀ ਪਤਨੀ ਪੂਰੇ ਸ਼ਹਿਰ ਦੀ ਰਾਣੀ ਵਾਂਗ ਰਹਿੰਦੀ ਸੀ ਅਤੇ ਜੋ ਚਾਹੇ ਖਰੀਦ ਸਕਦੀ ਸੀ। ਅਨਾਨਸੀ ਦੀ ਪਤਨੀ ਨੂੰ ਤਾਂ ਖਾਣ ਦੇ ਲਾਲੇ ਪਏ ਹੋਏ ਸਨ। ਉਹ ਪਤੀ-ਪਤਨੀ ਲੂਣ ਲਗਾ ਕੇ ਕੱਚੇ ਕੇਲੇ ਖਾਂਦੇ ਸਨ। ਕੁਝ ਨਹੀਂ ਦੀ ਪਤਨੀ ਨੂੰ ਜਦ ਅਨਾਨਸੀ ਦੀ ਪਤਨੀ ਦੀ ਦੁਰਦਸ਼ਾ ਬਾਰੇ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਆਪਣੇ ਮਹੱਲ ਵਿੱਚ ਸੱਦ ਲਿਆ। ਅਨਾਨਸੀ ਦੀ ਪਤਨੀ ਕੁਝ ਨਹੀਂ ਦੇ ਮਹੱਲ ਵਿੱਚ ਪੁੱਜ ਕੇ ਖ਼ੁਸ਼ ਹੋਈ ਤੇ ਉਸ ਨੇ ਅਨਾਨਸੀ ਦੀ ਝੌਂਪੜੀ ਵਿੱਚ ਵਾਪਸ ਜਾਣ ਤੋਂ ਮਨ੍ਹਾ ਕਰ ਦਿੱਤਾ।
ਇਹ ਦੇਖ ਕੇ ਅਨਾਨਸੀ ਨੂੰ ਬੜਾ ਗੁੱਸਾ ਆਇਆ। ਉਸ ਨੇ ਕੁਝ ਨਹੀਂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਆਪਣੇ ਕੁਝ ਚੂਹੇ ਦੋਸਤਾਂ ਨੂੰ ਵਰਗਲਾ ਕੇ ਕੁਝ ਨਹੀਂ ਦੇ ਮਹੱਲ ਦੇ ਦਰਵਾਜ਼ੇ ਤੱਕ ਸੁਰੰਗ ਪੁੱਟਣ ਨੂੰ ਰਾਜ਼ੀ ਕਰ ਲਿਆ। ਜਦ ਸੁਰੰਗ ਪੂਰੀ ਬਣ ਗਈ ਤਾਂ ਉਸ ਨੇ ਸੁਰੰਗ ਅੰਦਰ ਚਾਕੂ ਅਤੇ ਕੱਚ ਦੀਆਂ ਬੋਤਲਾਂ ਦੇ ਟੁਕੜੇ ਵਿਛਾ ਦਿੱਤੇ। ਉਸ ਨੇ ਕੁਝ ਨਹੀਂ ਦੇ ਮਹੱਲ ਦੇ ਦਰਵਾਜ਼ੇ ਸਾਹਮਣੇ ਬਹੁਤ ਸਾਰਾ ਸਾਬਣ ਵੀ ਮਲ ਦਿੱਤਾ ਜਿਸ ਨਾਲ ਰਾਹ ਤਿਲਕਣਾ ਹੋ ਗਿਆ।
ਰਾਤ ਨੂੰ ਜਦ ਉਸ ਨੂੰ ਲੱਗਿਆ ਕਿ ਕੁਝ ਨਹੀਂ ਆਰਾਮ ਨਾਲ ਸੌਂ ਗਿਆ ਹੈ ਤਦ ਉਸ ਨੇ ਕੁਝ ਨਹੀਂ ਨੂੰ ਬਾਹਰ ਆ ਕੇ ਕੋਈ ਗੱਲ ਕਰਨ ਲਈ ਆਵਾਜ਼ ਮਾਰੀ। ਕੁੱਝ ਨਹੀਂ ਦੀ ਪਤਨੀ ਨੇ ਉਸ ਨੂੰ ਐਨੀ ਰਾਤ ਨੂੰ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾ। ਅਨਾਨਸੀ ਨੇ ਵਾਰ-ਵਾਰ ਕੁਝ ਨਹੀਂ ਨੂੰ ਆਵਾਜ਼ਾਂ ਦਿੱਤੀਆਂ। ਕੁਝ ਨਹੀਂ ਦੀ ਪਤਨੀ ਉਸ ਨੂੰ ਬਾਹਰ ਜਾਣ ਤੋਂ ਰੋਕਦੀ ਰਹੀ। ਅੰਤ ਕੁਝ ਨਹੀਂ ਆਪਣੀ ਪਤਨੀ ਦੀ ਗੱਲ ਅਣਸੁਣੀ ਕਰਦਿਆਂ ਅਨਾਨਸੀ ਨਾਲ ਗੱਲ ਕਰਨ ਲਈ ਬਾਹਰ ਆ ਗਿਆ।
ਸਰਦਲ ’ਤੇ ਪੈਰ ਧਰਦਿਆਂ ਹੀ ਉਹ ਤਿਲਕ ਕੇ ਸਿੱਧਾ ਸੁਰੰਗ ਵਿੱਚ ਜਾ ਡਿੱਗਿਆ ਅਤੇ ਜ਼ਖ਼ਮੀ ਹੋ ਕੇ ਮਰ ਗਿਆ। ਕੁਝ ਨਹੀਂ ਦੀ ਪਤਨੀ ਨੂੰ ਆਪਣੇ ਪਤੀ ਦੀ ਮੌਤ ਦਾ ਬੜਾ ਦੁੱਖ ਹੋਇਆ। ਉਸ ਨੇ ਬਹੁਤ ਸਾਰੇ ਸਾਬੂਦਾਣੇ ਦੀ ਲਪਸੀ ਬਣਾਈ ਅਤੇ ਸਾਰੇ ਸ਼ਹਿਰ ਦੇ ਬੱਚਿਆਂ ਨੂੰ ਵੰਡੀ ਤਾਂ ਕਿ ਉਹ ਉਸ ਦੇ ਪਤੀ ਲਈ ਰੋਣ।
ਅੱਜ ਵੀ ਅਫ਼ਰੀਕਾ ਵਿੱਚ ਜਦੋਂ ਅਸੀਂ ਕਦੀ ਬੱਚਿਆਂ ਨੂੰ ਰੋਂਦੇ ਹੋਏ ਦੇਖਦੇ ਹਾਂ ਤਾਂ ਰੋਣ ਦਾ ਕਾਰਨ ਪੁੱਛਣ ’ਤੇ ਇਹੀ ਜਵਾਬ ਮਿਲਦਾ ਹੈ ਕਿ ਉਹ ਕੁਝ ਨਹੀਂ ਲਈ ਰੋ ਰਹੇ ਹਨ।
(ਨਿਰਮਲ ਪ੍ਰੇਮੀ)

ਤੀਜੀ ਰੋਟੀ

ਪਾਰਕ ਵਿਚ ਰੋਜ਼ ਸ਼ਾਮ ਬਾਬਿਆਂ ਦੀ ਢਾਣੀ ਵਿਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ~ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ” ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ..!

ਕੋਈ ਪੁੱਛਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ ਮਿਲਦੀਆਂ ਨੇ”?

ਕੋਈ ਆਖਦਾ “ਤੀਜੀ ਖਾਣ ਸਾਡੇ ਵੱਲ ਆ ਜਾਇਆ ਕਰ”

ਕੋਈ ਸਵਾਲ ਕਰਦਾ ਇਹ ਤੀਜੀ ਰੋਟੀ ਦਾ ਚੱਕਰ ਅਖੀਰ ਹੈ ਕੀ ਏ..?

ਉਹ ਅੱਗੋਂ ਹੱਸ ਛੱਡਿਆ ਕਰਦਾ..!

ਉਸ ਦਿਨ ਵੀ ਅਜੇ ਮਹਿਫ਼ਿਲ ਜੰਮਣੀ ਸ਼ੁਰੂ ਹੀ ਹੋਈ ਸੀ ਕੇ ਹਰ ਪਾਸੇ ਸੰਨਾਟਾ ਜਿਹਾ ਛਾ ਗਿਆ..

ਮਹਿਫ਼ਿਲ ਦੀ ਸ਼ਾਨ ਨੁੱਕਰ ਵਾਲੀ ਕੋਠੀ ਵਾਲੇ ਖੰਨਾ ਸਾਬ ਓਲ੍ਡ ਏਜ ਹੋਮ ਵਿਚ ਭਰਤੀ ਹੋਣ ਜਾ ਰਹੇ ਸਨ..!

ਕਨੇਡੀਅਨ ਮੁੰਡੇ ਦਾ ਆਖਣਾ ਸੀ ਕੇ ਭਾਪਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ..!

ਫੇਰ ਕੁਝ ਘੜੀਆਂ ਦੀ ਸੁੰਨ-ਸਾਨ ਮਗਰੋਂ ਉਦਾਸ ਬੈਠੇ ਖੰਨਾ ਸਾਬ ਨੂੰ ਕਲਾਵੇ ਵਿਚ ਲੈਂਦੇ ਹੋਏ ਗੁਰਮੁਖ ਸਿੰਘ ਨੇ ਆਖਣਾ ਸ਼ੁਰੂ ਕੀਤਾ..ਆਜੋ ਦੋਸਤੋ ਅੱਜ ਤੁਹਾਨੂੰ ਆਪਣੀ “ਤੀਜੀ ਰੋਟੀ” ਦਾ ਰਾਜ ਦੱਸਦਾ ਹਾਂ..

“ਪਹਿਲੀ ਰੋਟੀ ਉਹ ਜਿਹੜੀ ਜੰਮਣ ਵਾਲੀ ਜਵਾਕ ਨੂੰ ਆਪਣੀ ਬੁੱਕਲ ਵਿਚ ਬਿਠਾ ਕੇ ਖਵਾਇਆ ਕਰਦੀ ਏ..ਉਸ ਨਾਲ ਢਿਡ੍ਹ ਤਾਂ ਭਰ ਜਾਂਦਾ ਪਰ ਜੀ ਕਰਦਾ ਕੇ ਅਜੇ ਹੋਰ ਖਾਈ ਜਾਈਏ..”

“ਦੂਜੀ ਉਹ ਜਿਹੜੀ ਨਾਲਦੀ ਵੱਲੋਂ ਵੇਲੇ ਹੋਏ ਪੇੜੇ ਨਾਲ ਬਣਾਈ ਜਾਂਦੀ ਏ..ਜਿਸ ਵਿੱਚ ਅੰਤਾਂ ਦਾ ਪਿਆਰ ਅਤੇ ਆਪਣਾ ਪਣ ਭਰਿਆ ਹੁੰਦਾ ਏ ਤੇ ਜਿਸ ਵਿਚੋਂ ਨਿੱਕਲੇ ਮੁੱਹਬਤ ਦੇ ਝਰਨੇ ਨਾਲ ਅਕਸਰ ਹੀ ਅੱਖਾਂ ਬੰਦ ਹੋ ਜਾਇਆ ਕਰਦੀਆਂ..”

“ਤੀਜੀ ਉਹ ਜਿਹੜੀ ਨੂੰਹ ਦੇ ਰੂਪ ਵਿਚ ਘਰੇ ਲਿਆਂਧੀ ਧੀ ਦੇ ਹੱਥਾਂ ਦੀ ਪੱਕੀ ਹੁੰਦੀ ਏ..ਜਿਸ ਵਿਚ ਸਵਾਦ ਵੀ ਹੁੰਦਾ..ਤਸੱਲੀ ਅਤੇ ਸਿਦਕ ਵੀ ਝਲਕਦਾ ਏ ਤੇ ਜਿਹੜੀ ਬੁਢਾਪੇ ਨੂੰ ਠੰਡੀ ਹਵਾ ਦੇ ਬੁੱਲੇ ਨਾਲ ਹਮੇਸ਼ਾਂ ਹੀ ਸ਼ਰਸ਼ਾਰ ਕਰ ਦਿਆ ਕਰਦੀ ਏ..”

ਤੇ ਚੋਥੀ ਉਹ ਹੁੰਦੀ ਜਿਹੜੀ ਤਨਖਾਹ ਤੇ ਰੱਖੀ ਨੌਕਰਾਣੀ ਵੱਲੋਂ ਕਾਹਲੀ ਕਾਹਲੀ ਗੁੰਨੇ ਹੋਏ ਕੱਚੇ-ਪੱਕੇ ਆਟੇ ਦੀ ਬਣਾਈ ਹੋਈ ਹੁੰਦੀ ਏ..ਜਿਸ ਵਿਚ ਨਾ ਤੇ ਸਵਾਦ ਹੀ ਹੁੰਦਾ ਤੇ ਨਾ ਹੀ ਸਿਦਕ..ਇਹ ਐਸੀ ਰੋਟੀ ਹੁੰਦੀ ਏ ਜਿਸਨੂੰ ਖਾਂਦਿਆਂ ਤੀਜੇ ਥਾਂ ਵਾਲੀ ਬੜੀ ਹੀ ਚੇਤੇ ਆਉਂਦੀ ਏ”

ਏਨੀ ਗੱਲ ਸੁਣਦਿਆਂ ਹੀ ਸਾਰਿਆਂ ਦੇ ਹੱਥ ਆਪਣੇ ਆਪ ਹੀ “ਤੀਜੀ ਰੋਟੀ” ਦੀ ਅਰਦਾਸ ਵਿਚ ਜੁੜ ਗਏ..!

ਕਲੋਂਜੀ ਦੇ ਅਜਿਹੇ ਗੁਣ ……….

ਕਲੋਂਜੀ ਜਾਂ ਫਿਰ ਪਿਆਜ਼ ਦੇ ਬੀਜ਼ ਅਕਸਰ ਰਸੋਈ ਦੇ ਮਸਾਲੇ ਡੱਬਿਆਂ ‘ਚ ਰੱਖੇ ਹੋਏ ਮਿਲ ਜਾਣਗੇ। ਕਲੋਂਜੀ ਦਿੱਸਣ ‘ਚ ਕਾਲੇ ਰੰਗ ਦੀ ਹੁੰਦੀ ਹੈ, ਜਿਸ ਨੂੰ ਅੰਗਰੇਜ਼ੀ ”ਚ { fennel flower, black caraway, nutmeg flower, Roman coriander. The most common English name for it is Black Seed. or by its scientific name Nigella sativa, kalonji belongs to the buttercup family of flowering plants.}

ਕਲੋਂਜੀ ਕਈ ਤਰ੍ਹਾਂ ਦੇ ਰੋਗਾਂ ਨੂੰ ਦੂਰ ਕਰਨ ‘ਚ ਲਾਭਕਾਰੀ ਹੁੰਦੀ ਹੈ, ਜਿਸ ਨੂੰ ਪੁਰਾਣੇ ਜ਼ਮਾਨੇ ਤੋਂ ਹੀ ਘਰੇਲੂ ਇਲਾਜ ਦੇ ਰੂਪ ‘ਚ ਵਰਤਿਆ ਜਾ ਰਿਹਾ ਹੈ। ਆਯੂਰਵੇਦ ‘ਚ ਵੀ ਕਲੋਂਜੀ ਨੂੰ ਇਕ ਬਹੁਤ ਹੀ ਉਪਯੋਗੀ ਜੜ੍ਹੀ ਬੂਟੀ ਮੰਨਿਆ ਗਿਆ ਹੈ। ਕਲੋਂਜੀ ਬਾਰੇ ਪੈਗੰਬਰ ਹਜ਼ਰਤ ਮੁਹੰਮਦ ਨੇ ਬਹੁਤ ਹੀ ਚੰਗੀ ਗੱਲ ਕਹੀ ਸੀ ਕਿ ਕਲੋਂਜੀ ਕੋਲ ਮੌਤ ਨੂੰ ਛੱਡ ਕੇ ਬਾਕੀ ਹਰ ਬੀਮਾਰੀ ਦਾ ਇਲਾਜ ਹੈ। ਨਾ ਸਿਰਫ਼ ਸਾਬੁਤ ਕਲੋਂਜੀ ਹੀ ਸਗੋਂ ਕਲੋਂਜੀ ਦਾ ਤੇਲ ਵੀ ਬਹੁਤ ਲਾਭਕਾਰੀ ਹੁੰਦਾ ਹੈ। ਕਲੋਂਜੀ ਦੇ ਬੀਜਾਂ ਦਾ ਤੇਲ ਵੀ ਬਣਾਇਆ ਜਾਂਦਾ ਹੈ ਜੋ ਰੋਗਾਂ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਦਾ ਤੇਲ ਨਾ ਮਿਲਣ ‘ਤੇ ਕਲੋਂਜੀ ਨਾਲ ਕੰਮ ਚਲਾਇਆ ਜਾ ਸਕਦਾ ਹੈ।

1-ਪੇਟ ਦੇ ਕੀੜੇ ਮਾਰੇ

ਇਸ ਇਲਾਜ ਲਈ ਅੱਧਾ ਛੋਟਾ ਚਮਚ ਕਲੋਂਜੀ ਦੇ ਤੇਲ ਨੂੰ ਇਕ ਚਮਚ ਸਿਰਕੇ ਨਾਲ 10 ਦਿਨਾਂ ਤੱਕ, ਦਿਨ ‘ਚ 3 ਵਾਰ ਪਿਲਾਓ। ਮਿੱਠੇ ਤੋਂ ਪਰਹੇਜ ਜ਼ਰੂਰੀ ਹੈ।

2-ਫਿਣਸੀਆਂ ਤੋਂ ਛੁਟਕਾਰਾ

2 ਚਮਚ ਨਿੰਬੂ ਦੇ ਰਸ ‘ਚ ਅੱਧਾ ਚਮਚ ਕਲੋਂਜੀ ਦਾ ਤੇਲ ਮਿਕਸ ਕਰ ਕੇ ਸਵੇਰੇ ਅਤੇ ਰਾਤ ਨੂੰ ਚਿਹਰੇ ‘ਤੇ ਲਗਾਓ। ਇਸ ਨਾਲ ਚਮੜੀ ‘ਚ ਨਿਖਾਰ ਆਏਗਾ, ਕਾਲੇ ਧਾਗ ਮਿਟਣਗੇ ਅਤੇ ਫਿਣਸੀਆਂ ਤੋਂ ਸੁਰੱਖਿਆ ਮਿਲੇਗੀ। ਤੁਸੀਂ ਚਾਹੋ ਤਾਂ ਨਿੰਬੂ ਦੀ ਜਗ੍ਹਾ ਐਪਲ ਸਾਈਡਰ ਵਿਨੇਗਰ ਵੀ ਵਰਤ ਸਕਦੇ ਹੋ।

3- ਦਿਮਾਗ ਦੀ ਸ਼ਕਤੀ ਵਧਾਏ

10 ਗ੍ਰਾਮ ਪੁਦੀਨੇ ਦੀਆਂ ਪੱਤੀਆਂ ‘ਚ ਅੱਧਾ ਚਮਚ ਕਲੋਂਜੀ ਤੇਲ ਦੇ ਨਾਲ ਉਭਾਲੋ। ਇਸ ਮਿਸ਼ਰਣ ਨੂੰ 20~25 ਦਿਨਾਂ ਤੱਕ ਦਿਨ ‘ਚ 2 ਵਾਰ ਨਿਯਮਿਤ ਰੂਪ ਨਾਲ ਲਵੋ ਅਤੇ ਨਤੀਜਾ ਦੇਖੋ।

4- ਸਿਰਦਰਦ ਤੋਂ ਛੁਟਕਾਰਾ

ਤੇਜ਼ੀ ਨਾਲ ਸਿਰਦਰਦ ਹੋ ਰਿਹਾ ਹੋਵੇ ਤਾਂ, ਮੱਥੇ ਅਤੇ ਕੰਨ ਕੋਲ ਅੱਧਾ ਚਮਚ ਕਲੋਂਜੀ ਦਾ ਤੇਲ ਲਗਾਓ। ਜੇਕਰ ਮਾਈਗ੍ਰੇਨ ਦਾ ਦਰਦ ਹੈ ਤਾਂ ਕਲੋਂਜੀ ਦੇ ਤੇਲ ਦਾ ਨਿਯਮਿਤ ਰੂਪ ਨਾਲ ਸੇਵਨ ਕਰੋ।

5- ਦਮੇ ਦਾ ਇਲਾਜ

ਦਮੇ ਜਾਂ ਕਿਸੇ ਤਰੀਕੇ ਦੀ ਸਾਹ ਦੀ ਸਮੱਸਿਆ ਹੋਣ ‘ਤੇ ਇਕ ਕੱਪ ਗਰਮ ਪਾਣੀ, ਇਕ ਚਮਚ ਸ਼ਹਿਦ, ਅੱਧਾ ਚਮਚ ਕਲੋਂਜੀ ਦਾ ਤੇਲ ਮਿਕਸ ਕਰ ਕੇ ਸਵੇਰੇ~ਸ਼ਾਮ ਸੇਵਨ ਕਰੋ। ਅਜਿਹਾ ਕਰਨ ਨਾਲ ਖਾਂਸੀ ਅਤੇ ਐਲਰਜੀ ਤੋਂ ਵੀ ਛੁਟਕਾਰਾ ਮਿਲੇਗਾ।

6- ਦਿਲ ਲਈ

ਜਦੋਂ ਕਲੋਂਜੀ ਦਾ ਤੇਲ ਅਤੇ ਬੱਕਰੀ ਦਾ ਦੁੱਧ ਇੱਕਠੇ ਪੀਤਾ ਜਾਂਦਾ ਹੈ ਤਾਂ ਦਿਲ ਮਜ਼ਬੂਤ ਬਣਦਾ ਹੈ ਅਤੇ ਹਾਰਟ ਅਟੈਕ ਦੀ ਬੀਮਾਰੀ ਨਹੀਂ ਹੁੰਦੀ। ਇਸ ਲਈ ਤੁਹਾਨੂੰ ਇਕ ਕੱਪ ਬੱਕਰੀ ਦਾ ਦੁੱਧ ਅਤੇ ਅੱਧਾ ਚਮਚ ਕਲੋਂਜੀ ਦਾ ਤੇਲ ਮਿਕਸ ਕਰ ਕੇ ਹਫਤੇ ਭਰ ਪੀਣਾ ਹੋਵੇਗਾ।

7-ਜੋੜਾਂ ਦੇ ਦਰਦ ਤੋਂ ਆਰਾਮ

ਗੋਢਿਆਂ ‘ਚ ਦਰਦ ਹੋਵੇ ਤਾਂ ਅੱਧਾ ਚਮਚ ਕਲੋਂਜੀ ਦਾ ਤੇਲ, ਸਿਰਕਾ ਇਕ ਕੱਪ ਅਤੇ 2 ਚਮਚ ਸ਼ਹਿਰ ਮਿਕਸ ਕਰ ਕੇ ਦਿਨ ‘ਚ 2 ਵਾਰ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ।

8-ਅੱਖਾਂ ਦੀ ਰੋਸ਼ਨੀ ਲਈ

ਅੱਖਾਂ ‘ਚ ਲਾਲਪਣ, ਕੈਟਰੇਕਟ ਅਤੇ ਅੱਖਾਂ ‘ਚੋਂ ਪਾਣੀ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਅੱਧਾ ਚਮਚ ਕਲੋਂਜੀ ਦਾ ਤੇਲ ਅਤੇ ਗਾਜਰ ਦੇ ਰਸ ਨੂੰ ਦਿਨ ‘ਚ 2 ਵਾਰ ਪਿਓ।

9- ਕੈਂਸਰ ਤੋਂ ਬਚਾਅ

ਕਲੋਂਜੀ ਦੇ ਤੇਲ ਅਤੇ ਅੰਗੂਰ ਦੇ ਜੂਸ ਨੂੰ ਮਿਲਾ ਕੇ ਪੀਣ ਨਾਲ ਬਲੱਡ ਕੈਂਸਰ, ਅੰਤੜੀ ਅਤੇ ਗਲ੍ਹੇ ਦਾ ਕੈਂਸਰ ਨਹੀਂ ਹੁੰਦਾ। ਅੱਧਾ ਚਮਚ ਕਲੋਂਜੀ ਦਾ ਤੇਲ ਅਤੇ ਇਕ ਕੱਪ ਅੰਗੂਰ ਦਾ ਜੂਸ ਮਿਲਾ ਕੇ ਦਿਨ ‘ਚ 3 ਵਾਰ ਪਿਓ।

10- ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ

ਅੱਧਾ ਚਮਚ ਕਲੋਂਜੀ ਦੇ ਤੇਲ ਨੂੰ ਗਰਮ ਚਾਹ ‘ਚ ਪਾ ਕੇ ਦਿਨ ‘ਚ 2 ਵਾਰ ਪੀਉ।

ਇਨ੍ਹਾਂ ਤੋਂ ਇਲਾਵਾ ਇਹ ਸ਼ੂਗਰ ਤੋਂ ਬਚਾਅ, ਕਿਡਨੀ, ਭਾਰ ਘਟਾਉਣ, ਸਰਦੀ~ਜ਼ੁਕਾਮ, ਚਮਕਦਾਰ ਚਮੜੀ ਲਈ, ਪੇਟ ਦਰਦ ਲਈ, ਫਟੀਆਂ ਅੱਡੀਆਂ ਨੂੰ ਠੀਕ ਕਰਨ, ਸਰੀਰ ‘ਚ ਊਰਜਾ ਭਰਨ ਦੇ ਕੰਮ ਆਉਂਦੀ ਹੈ।

ਖ਼ਾਲਸਾ ਪੰਥ

ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ – ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699ਈ. ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ। ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ।

ਖ਼ਾਲਸਾ ਦੀ ਸਥਾਪਨਾ

1699 ਵਿੱਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਸਿੱਖ ਧਰਮ ਦੇ ਅਨੁਯਾਈਆਂ ਦੀ ਇੱਕ ਮਹਾਨ ਸਭਾ ਬੁਲਾਈ।

ਇਸ ਸਭਾ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦ ਸਭਾ ਵਿੱਚ ਸਭ ਲੋਕ ਬੈਠ ਗਏ ਤਾਂ ਗੁਰੂ ਜੀ ਸਭਾ ਵਿੱਚ ਆਏ। ਇਸ ਪਿੱਛੋਂ ਉਹਨਾਂ ਨੇ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਕੇ ਲਹਿਰਾਇਆ ਅਤੇ ਲਲਕਾਰ ਕੇ ਕਿਹਾ, “ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਸਕੇ।” ਇਹ ਸੁਣ ਕੇ ਸਭਾ ਵਿੱਚ ਸੰਨਾਟਾ ਛਾ ਗਿਆ। ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਇਆ। ਅੰਤ ਵਿੱਚ ਦਿਆ ਰਾਮ ਨਾਂ ਦੇ ਇੱਕ ਖੱਤਰੀ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ। ਗੁਰੂ ਜੀ ਉਸਨੂੰ ਨਜ਼ਦੀਕ ਲੱਗੇ ਤੰਬੂ ਵਿੱਚ ਲੈ ਗਏ ਅਤੇ ਉਸਨੂੰ ਉੱਥੇ ਚੁੱਪ-ਚਾਪ ਬੈਠੇ ਰਹਿਣ ਦਾ ਆਦੇਸ਼ ਦਿੱਤਾ। ਇਸ ਮਗਰੋਂ ਗੁਰੂ ਜੀ ਨੇ ਉੱਥੇ ਬੱਕਰੇ ਦੇ ਖੂਨ ਨਾਲ ਭਰੇ ਬਰਤਨ ਵਿੱਚ ਤਲਵਾਰ ਡੁਬੋਈ। ਇਹ ਵੀ ਕਿਹਾ ਜਾਂਦਾ ਹੈ ਕਿ ਤੰਬੂ ਵਿੱਚ ਪੰਜ ਬੱਕਰੇ ਬੰਨ੍ਹੇ ਹੋਏ ਸਨ ਅਤੇ ਗੁਰੂ ਜੀ ਨੇ ਇੱਕ ਨੂੰ ਮਾਰ ਦਿੱਤਾ।

ਕੁਝ ਚਿਰ ਤੋਂ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆਏ ਅਤੇ ਇੱਕ ਹੋਰ ਵਿਅਕਤੀ ਦੇ ਸਿਰ ਦੀ ਮੰਗ ਕੀਤੀ। ਇਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਨੇ ਇਹ ਕ੍ਰਮ ਤਿੰਨ ਵਾਰ ਹੋਰ ਦੁਹਰਾਇਆ। ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਨੰਬਰਦਾਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨਾਂਮ ਦੇ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ। ਅੰਤ ਵਿੱਚ ਗੁਰੂ ਜੀ ਪੰਜਾਂ ਵਿਅਕਤੀਆਂ ਨੂੰ ਸਭਾ ਵਿੱਚ ਲਿਆਏ ਅਤੇ ਉਹਨਾਂ ਨੂੰ ‘ਪੰਜ ਪਿਆਰੇ’ ਨਾਂਮ ਦਿੱਤਾ।

ਖੰਡੇ ਦਾ ਪਾਹੁਲ ਛਕਾਉਣਾ

ਪੰਜ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ, ਜਿਸਨੂੰ ਖੰਡੇ ਦਾ ਪਾਹੁਲ ਕਿਹਾ ਜਾਂਦਾ ਹੈ। ਖੰਡੇ ਦਾ ਪਾਹੁਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲੋਹੇ ਦਾ ਇੱਕ ਖੁੱਲ੍ਹਾ ਬਰਤਨ ਲਿਆ ਅਤੇ ਉਸ ਵਿੱਚ ਸਾਫ਼ ਅਤੇ ਸਵੱਛ ਪਾਣੀ ਪਾਇਆ। ਫਿਰ ਉਸਨੂੰ ਖੰਡੇ ਨਾਲ ਹਿਲਾਇਆ, ਨਾਲ ਹੀ ਉਹ ਜਪੁਜੀ ਸਾਹਿਬ ਦਾ ਪਾਠ ਵੀ ਕਰਦੇ ਰਹੇ। ਇਸ ਤਰ੍ਹਾਂ ਤਿਆਰ ਕੀਤੇ ਗਏ ਜਲ ਨੂੰ ਅੰਮ੍ਰਿਤ ਜਾਂ ਖੰਡੇ ਦਾ ਪਾਹੁਲ ਕਿਹਾ ਗਿਆ।

ਗੁਰੂ ਜੀ ਜਦ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਉਸ ਸਮੇਂ ਮਾਤਾ ਜੀਤੋ ਜੀ ਕੁਝ ਪਤਾਸੇ ਲੈ ਕੇ ਆਏ। ਇਸ ਲਈ ਗੁਰੂ ਜੀ ਨੇ ਉਹਨਾਂ ਤੋਂ ਪਤਾਸੇ ਲੈ ਕੇ ਅੰਮ੍ਰਿਤ ਵਿੱਚ ਘੋਲ ਦਿੱਤੇ। ਇਸ ਦਾ ਅਰਥ ਇਹ ਸੀ ਕਿ ਗੁਰੂ ਜੀ ਨੇ ਸਿੱਖਾਂ ਵਿੱਚ ਬਹਾਦਰੀ ਦੇ ਭਾਵ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਦੇ ਸੁਭਾਅ ਵਿੱਚ ਮਿਠਾਸ ਪੈਦਾ ਕਰਨ ਦਾ ਯਤਨ ਕੀਤਾ।

ਇਹ ਅੰਮ੍ਰਿਤ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਛਕਾਇਆ ਗਿਆ। ਫੇਰ ਗੁਰੂ ਜੀ ਨੇ ਉਹਨਾਂ ਨੂੰ ਗੋਡਿਆਂ ਦੇ ਭਾਰ ਖਡ਼੍ਹੇ ਹੋਣ ਅਤੇ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣ ਦਾ ਆਦੇਸ਼ ਦਿੱਤਾ। ਇਸ ਸਮੇਂ ਗੁਰੂ ਜੀ ਨੇ ਵਾਰੀ ਵਾਰੀ ਪੰਜ ਪਿਆਰਿਆਂ ਦੀਆਂ ਅੱਖਾਂ ਅਤੇ ਕੇਸਾਂ ਤੇ ਅੰਮ੍ਰਿਤ ਦੇ ਛਿੱਟੇ ਮਾਰੇ ਅਤੇ ਹਰ ਪਿਆਰੇ ਨੂੰ ਖ਼ਾਲਸਾ ਭਾਵ ਪਵਿੱਤਰ ਨਾਂਮ ਦਿੱਤਾ। ਸਾਰੇ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ। ਇਸ ਤਰ੍ਹਾਂ ‘ਖ਼ਾਲਸੇ’ ਦਾ ਜਨਮ ਹੋਇਆ। ਖ਼ਾਲਸਾ ਦੀ ਸਥਾਪਨਾ ਮੌਕੇ ਗੁਰੂ ਜੀ ਨੇ ਇਹ ਸ਼ਬਦ ਕਹੇ, “ਖ਼ਾਲਸਾ ਗੁਰੂ ਹੈ ਅਤੇ ਗੁਰੂ ਖ਼ਾਲਸਾ ਹੈ।”

ਖ਼ਾਲਸਾ ਪੰਥ ਦੇ ਸਿਧਾਂਤ

ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਦਾ ਵਰਨਣ ਕੀਤਾ ਜੋ ਖ਼ਾਲਸਾ ਪੰਥ ਦੇ ਸਿਧਾਂਤ ਮੰਨੇ ਜਾਂਦੇ ਹਨ। ਇਹ ਸਿਧਾਂਤ ਹੇਠ ਲਿਖੇ ਹਨ: –

ਖ਼ਾਲਸਾ ਪੰਥ ਦੇ ਪੈਰੋਕਾਰ ਇੱਕ ਹੀ ਪਰਮਾਤਮਾ ਤੇ ਭਰੋਸਾ ਰੱਖਣਗੇ। ਵਾਹਿਗੁਰੂ ਤੋਂ ਇਲਾਵਾ ਉਹ ਕਿਸੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ।

ਹਰੇਕ ਖ਼ਾਲਸਾ ਜਾਤ-ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖੇਗਾ ਅਤੇ ਉਹ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਗੇ।

ਸਾਰੇ ਸਿੱਖਾਂ ਨੂੰ ਉੱਚ ਨੈਤਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪਰਾਈ ਇਸਤਰੀ, ਤੰਬਾਕੂ, ਮਾਸ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਹਰੇਕ ਖ਼ਾਲਸਾ ਮਾਲਾ ਦੇ ਨਾਲ-ਨਾਲ ਸ਼ਸ਼ਤਰ ਵੀ ਧਾਰਨ ਕਰੇਗਾ।

ਹਰੇਕ ਸਿੰਘ ਨੂੰ ਚਾਹੀਦਾ ਹੈ ਕਿ ਉਹ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦੇਣ ਲਈ ਸਦਾ ਤਿਆਰ ਰਹੇ।

ਹਰੇਕ ਸਿੰਘ ਜਰੂਰੀ ਤੌਰ ‘ਤੇ ਪੰਜ ਕਕਾਰਾਂ ਨੂੰ ਧਾਰਨ ਕਰੇਗਾ। ਇਹ ਹਨ- ਕੇਸ, ਕਡ਼ਾ, ਕੰਘਾ, ਕ੍ਰਿਪਾਨ, ਕਛਹਿਰਾ।

ਹਰ ਸਿੱਖ ਸਵੇਰੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ ਜਿਹਨਾਂ ਦਾ ਉਚਾਰਨ ਖੰਡੇ ਦਾ ਪਾਹੁਲ ਤਿਆਰ ਕਰਨ ਸਮੇਂ ਕੀਤਾ ਗਿਆ ਹੈ।

ਹਰ ਖ਼ਾਲਸਾ ਆਪਣੇ ਸਾਰੇ ਪਰਿਵਾਰਿਕ ਅਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕ੍ਰਿਪਾ ਤੇ ਛੱਡ ਦੇਵੇਗਾ ਅਤੇ ਉਹਨਾਂ ਨੂੰ ਆਪਣਾ ਸ਼ੁਭਚਿੰਤਕ ਮੰਨੇਗਾ।

ਹਰੇਕ ਖ਼ਾਲਸਾ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਧਰਮ ਲਈ ਦਾਨ ਕਰਿਆ ਕਰੇਗਾ।

ਸਾਰੇ ‘ਸਿੰਘ’ ਆਪਸ ਵਿੱਚ ਮਿਲਦੇ ਸਮੇਂ ਇੱਕ-ਦੂਜੇ ਨੂੰ ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਿਹਾ ਕਰਨਗੇ।

ਹਰ ਖ਼ਾਲਸਾ ਮਰਦ ਆਪਣੇ ਨਾਂਮ ਦੇ ਪਿੱਛੇ ‘ਸਿੰਘ’ ਸ਼ਬਦ ਅਤੇ ਖ਼ਾਲਸਾ ਇਸਤਰੀ ਆਪਣੇ ਨਾਂਮ ਪਿੱਛੇ ‘ਕੌਰ’ ਸ਼ਬਦ ਲਗਾਵੇਗੀ।

ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ ?

ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।

ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।

ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।

ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ।

ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।

ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।

ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।

ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।

ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।

ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?

*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*

ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।

ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।

*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

“ਬਾਣੀ ਪੜ੍ਹਦੇ ਹੋ ?”

ਇੱਕ ਵਾਰ ਕੋਈ ਪ੍ਰੇਮੀ ਸੱਜਣ ਭਾਈ ਵੀਰ ਸਿੰਘ ਜੀ ਕੋਲ ਆਇਆ ਤੇ ਭਾਈ ਸਾਹਿਬ ਜੀ ਨੇ ਉਸ ਆਏ ਸੱਜਣ ਕੋਲੋਂ ਪੁਛਿਆ ਕਿ “ਬਾਣੀ ਪੜ੍ਹਦੇ ਹੋ ?” ਉਸ ਨੇ ਕਿਹਾ “ਜੀ ਕਦੀ ਕਦੀ ਪੜ੍ਹਦਾ ਹਾਂ, ਸ਼ੁਰੂ ਕਰਦਾ ਹਾਂ, ਕੁਝ ਦਿਨ ਪੜ੍ਹਦਾਂ ਹਾਂ, ਫਿਰ ਜੀਅ ਉਚਾਟ ਹੋ ਜਾਂਦਾ ਹੈ,

ਆਲਸ ਆ ਜਾਦਾ ਹੈ ਤਾ ਛੱਡ ਦਿੰਦਾ ਹਾਂ।

ਭਾਈ ਵੀਰ ਸਿੰਘ ਜੀ ਨੇ ਫੁਰਮਾਇਆ “ਜੇ ਕਪੜਾ ਮੈਲਾ ਹੋ ਜਾਂਦਾ ਹੈ ਤਾਂ ਉਸ ਨੂੰ ਧੋਣ ਲਈ ਸਾਬਣ ਲਾਈਦਾ ਹੈ। ਜਦੋਂ ਸਾਬਣ ਕੱਪੜੇ ਵਿੱਚ ਹੁੰਦਾ ਹੈ ਤਾਂ ਕੱਪੜਾ ਪਹਿਲੀ ਹਾਲਤ ਨਾਲੋਂ ਵੀ ਮੈਲਾ ਦਿਸਦਾ ਹੈ। ਜੇ ਕੋਈ ਆਪ ਜੈਸਾ ਆਦਮੀ ਹੋਵੇ ਤਾਂ ਅੱਗੇ ਨਾਲੋਂ ਵੀ ਮੈਲਾ ਕੱਪੜਾ ਦੇਖ ਕੇ ਘਬਰਾ ਜਾਵੇ ਤੇ ਕੱਪੜੇ ਨੂੰ ਹੀ ਚੁਕ ਕੇ ਬਾਹਰ ਸੁੱਟ ਦੇਵੇ। ਤਦੋਂ ਦੇਖੋ ਕੱਪੜਾ ਵੀ ਗਿਆ ਤੇ ਉਸ ਉਪਰ ਲਾਇਆ ਸਾਬਣ ਵੀ, ਨਾਲੇ ਮਿਹਨਤ ਅਜਾਈਂ ਗਈ। ਜੇ ਕੋਈ ਮੱਤ ਦੇਵੇ ਕਿ ਭਾਈ ਕੱਪੜਾ ਸੁੱਟੋ ਨਹੀਂ, ਹੋਰ ਕੋਸ਼ਿਸ਼ ਕਰੋ, ਕੱਪੜੇ ਨੂੰ ਮੁੱਕੀਆਂ ਮਾਰ ਮਾਰ ਕੇ ਕੁੱਟੋ, ਸਾਫ਼ ਪਾਣੀ ਪਾ ਕੇ ਸਾਬਣ ਵਾਲਾ ਮੈਲਾ ਪਾਣੀ ਬਾਹਰ ਕੱਢ ਦਿਉ, ਕਪੜਾ ਸਾਫ਼ ਹੋ ਕੇ ਖੁੰਬ ਵਾਂਗੂੰ ਚਿੱਟਾ ਹੋ ਜਾਏਗਾ। ਇਸੇ ਤਰ੍ਹਾਂ ਤੁਸੀਂ ਜਦੋਂ ਬਾਣੀ ਦੇ ਪਾਸੇ ਲੱਗਦੇ ਹੋ, ਮਨ ਤੋਂ ਪਾਪ ਕਰਮਾਂ ਦੀ ਮੈ਼ ਉਤਰਨੀ ਸ਼ੁਰੂ ਹੁੰਦੀ ਹੈ। ਆਪ ਨੂੰ ਚਿੱਤ ਜਿਆਦਾ ਮੈਲਾ ਜਾਪਦਾ ਹੈ, ਤੁਸੀ ਬਜਾਏ ਉਦਮ ਕਰਕੇ ਲੱਗੇ ਰਹਿਣ ਦੇ, ਬਾਣੀ ਪੜ੍ਹਨੀ ਹੀ ਛੋਡ ਦਿੰਦੇ ਹੋ, ਅਥਵਾ ਸਾਡੇ ਮਾੜੇ ਕਰਮ ਜਿੰਨ੍ਹਾਂ ਨੇ ਅੰਦਰ ਡੇਰਾ ਲਾਇਆ ਹੋਇਆ ਹੈ ਉਹ ਪੇਸ਼ ਨਹੀ ਚੱਲਣ ਦਿੰਦੇ। ਜਦੋਂ ਤੁਸੀ ਬਾਣੀ ਦੇ ਪਾਸੇ ਲੱਗਦੇ ਹੋ, ਉਹ ਮਾੜੇ ਕਰਮ ਸਮਝਦੇ ਹਨ ਕਿ ਇਹ ਹੁਣ ਸਾਣੇ ਰਾਜ਼ ਵਿੱਚੋਂ ਨਿਕਲ ਚੱਲਿਆ ਹੈ। ਸੋ ਉਹ ਜ਼ੋਰ ਪਾਉਂਦੇ ਹਨ ਕਿ ਇਸ ਨੂੰ ਆਪਣੇ ਅਧੀਨ ਰੱਖੀਏ। ਤੁਸੀਂ ਘਾਬਰ ਕੇ ਬਾਣੀ ਛੱਡ ਦਿੰਦੇ ਹੋ, ਸੋ ਭਾਈ ਚੈਤੰਨ ਹੋ ਕੇ ਤੇ ਉੱਦਮ ਕਰਕੇ ਬਾਣੀ ਵਾਲੇ ਪਾਸੇ ਲੱਗੇ ਰਹੋ, ਛੱਡੋ ਨਹੀਂ। ਜਦੋਂ ਬਾਣੀ ਦਾ ਸਦਕਾ ਮਨ ਧੋਤਾ ਜਾਏਗਾ ਫਿਰ ਬਾਣੀ ਪਿਆਰੀ ਲੱਗੇਗੀ ਤੇ ਸੁਆਦ ਆਵੇਗਾ।

ਭਾਈ ਸਾਹਿਬ ਭਾਈ ਵੀਰ ਸਿੰਘ ਜੀ